ਰੂਸ ਦੇ ਨੋਵੋਰੋਸਿਸਕ ਬੰਦਰਗਾਹ ਤੋਂ ਪਾਕਿਸਤਾਨ ਦੇ ਕਰਾਚੀ ਜਾ ਰਹੇ ਇੱਕ ਵਪਾਰਕ ਮਾਲਵਾਹਕ ਜਹਾਜ਼ ‘ਤੇ ਹੋਏ ਡਰੋਨ ਹਮਲੇ ਨਾਲ ਅੰਤਰਰਾਸ਼ਟਰੀ ਸਮੁੰਦਰੀ ਮਾਰਗਾਂ ‘ਤੇ ਹਲਚਲ ਮਚ ਗਈ ਹੈ। ਇਸ ਜਹਾਜ਼ ਐਮ.ਵੀ. ਬੈਰੀਅਨ (MV BARYON – IMO 9151412) ਉੱਤੇ 23 ਭਾਰਤੀ ਨਾਵਿਕ ਸਵਾਰ ਸਨ। ਹਮਲੇ ਦੌਰਾਨ ਡਰੋਨ ਜਹਾਜ਼ ਦੇ ਰਿਹਾਇਸ਼ੀ ਹਿੱਸੇ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਜਹਾਜ਼ ਵਿੱਚ ਅਚਾਨਕ ਅੱਗ ਲੱਗ ਗਈ। ਖੁਸ਼ਕਿਸਮਤੀ ਨਾਲ, ਭਾਰਤੀ ਕਰੂ ਮੈਂਬਰਾਂ ਦੀ ਮੁਸਤੈਦੀ ਅਤੇ ਸਮੇਂ ਸਿਰ ਕੀਤੀ ਗਈ ਕਾਰਵਾਈ ਕਰਕੇ ਅੱਗ ‘ਤੇ ਕਾਬੂ ਪਾ ਲਿਆ ਗਿਆ ਅਤੇ ਸਾਰੇ 23 ਭਾਰਤੀ ਨਾਵਿਕ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਡਰੋਨ ਹਮਲੇ ਤੋਂ ਬਾਅਦ ਜਹਾਜ਼ ‘ਚ ਲੱਗੀ ਅੱਗ, ਨਾਵਿਕਾਂ ਨੇ ਪਾਇਆ ਕਾਬੂ
ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਜਹਾਜ਼ ਆਪਣੇ ਨਿਰਧਾਰਤ ਸਮੁੰਦਰੀ ਰਸਤੇ ਰਾਹੀਂ ਸਫ਼ਰ ਕਰ ਰਿਹਾ ਸੀ। ਡਰੋਨ ਦੇ ਸਿੱਧੇ ਹਮਲੇ ਕਰਕੇ ਜਹਾਜ਼ ਦੇ ਉਸ ਹਿੱਸੇ ਵਿੱਚ ਅੱਗ ਭੜਕ ਗਈ ਜਿੱਥੇ ਕਰੂ ਮੈਂਬਰ ਰਹਿੰਦੇ ਹਨ। ਇਸ ਦੌਰਾਨ ਜਹਾਜ਼ ਦੇ ਨੇੜੇ ਇੱਕ ਹੋਰ ਡਰੋਨ ਵੀ ਦੇਖਿਆ ਗਿਆ ਸੀ। ਅਚਾਨਕ ਹੋਏ ਇਸ ਹਮਲੇ ਦੇ ਬਾਵਜੂਦ, ਭਾਰਤੀ ਨਾਵਿਕਾਂ ਨੇ ਘਬਰਾਉਣ ਦੀ ਬਜਾਏ ਹਿੰਮਤ ਦਿਖਾਈ ਅਤੇ ਅੱਗ ਬੁਝਾਊ ਯੰਤਰਾਂ ਦੀ ਵਰਤੋਂ ਕਰਕੇ ਅੱਗ ਉੱਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ। ਅੱਗ ਬੁਝਣ ਤੋਂ ਬਾਅਦ ਜਹਾਜ਼ ਆਪਣੇ ਇੰਜਣ ਦੀ ਮਦਦ ਨਾਲ ਕਰਾਚੀ ਵੱਲ ਅੱਗੇ ਵੱਧ ਗਿਆ।
ਨਾਵਿਕਾਂ ਦੀ ਸੁਰੱਖਿਆ ‘ਤੇ ਉੱਠੇ ਗੰਭੀਰ ਸਵਾਲ, ਯੂਨੀਅਨ ਨੇ ਜਤਾਈ ਚਿੰਤਾ
ਇਸ ਘਟਨਾ ਤੋਂ ਬਾਅਦ ‘ਫੋਰਵਰਡ ਸੀਮੈਨਜ਼ ਯੂਨੀਅਨ ਆਫ ਇੰਡੀਆ’ (FSUI) ਨੇ ਅੰਤਰਰਾਸ਼ਟਰੀ ਸਮੁੰਦਰੀ ਮਾਰਗਾਂ ‘ਤੇ ਭਾਰਤੀ ਨਾਵਿਕਾਂ ਦੀ ਸੁਰੱਖਿਆ ਨੂੰ ਲੈ ਕੇ ਡੂੰਘੀ ਚਿੰਤਾ ਪ੍ਰਗਟਾਈ ਹੈ। ਯੂਨੀਅਨ ਦੇ ਜਨਰਲ ਸਕੱਤਰ ਮਨੋਜ ਯਾਦਵ ਨੇ ਕਿਹਾ ਕਿ ਭਾਰਤੀ ਨਾਵਿਕ ਵਿਸ਼ਵ ਵਪਾਰ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਉਹ ਕਿਸੇ ਵੀ ਖੇਤਰੀ ਯੁੱਧ ਜਾਂ ਵਿਵਾਦ ਦਾ ਹਿੱਸਾ ਨਹੀਂ ਹਨ। ਇਸ ਦੇ ਬਾਵਜੂਦ ਉਨ੍ਹਾਂ ਨੂੰ ਅਜਿਹੇ ਖਤਰਨਾਕ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਨੀਅਨ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਅਤੇ ਸਮੁੰਦਰੀ ਜਹਾਜ਼ਰਾਨੀ ਮੰਤਰਾਲੇ ਤੋਂ ਨਾਵਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਤੁਰੰਤ ਕਦਮ ਚੁੱਕਣ ਦੀ ਮੰਗ ਕੀਤੀ ਹੈ।
ਸਮੁੰਦਰੀ ਰਸਤਿਆਂ ‘ਤੇ ਵਧ ਰਿਹਾ ਹੈ ਖ਼ਤਰਾ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਭਾਰਤੀ ਕਰੂ ਵਾਲੇ ਜਹਾਜ਼ ਨੂੰ ਅਜਿਹੇ ਖ਼ਤਰੇ ਦਾ ਸਾਹਮਣਾ ਕਰਨਾ ਪਿਆ ਹੋਵੇ। ਪਿਛਲੇ ਕੁਝ ਮਹੀਨਿਆਂ ਦੌਰਾਨ ਹੋਰਮੁਜ਼ ਦੀ ਖਾੜੀ, ਓਮਾਨ ਦੀ ਖਾੜੀ ਅਤੇ ਅਦਨ ਦੀ ਖਾੜੀ ਵਿੱਚ ਵੀ ਵਪਾਰਕ ਜਹਾਜ਼ਾਂ ‘ਤੇ ਹਮਲੇ ਅਤੇ ਸਮੁੰਦਰੀ ਡਾਕੂਆਂ ਦੁਆਰਾ ਅਗਵਾ ਕਰਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਨ੍ਹਾਂ ਖੇਤਰਾਂ ਵਿੱਚ ਵੱਧਦੇ ਤਣਾਅ ਅਤੇ ਸੁਰੱਖਿਆ ਜੋਖਮਾਂ ਕਰਕੇ ਭਾਰਤ ਸਰਕਾਰ ਨੇ ਪਹਿਲਾਂ ਵੀ ਕੁਝ ਸੰਵੇਦਨਸ਼ੀਲ ਸਮੁੰਦਰੀ ਮਾਰਗਾਂ ‘ਤੇ ਭਾਰਤੀ ਨਾਵਿਕਾਂ ਦੀ ਨਵੀਂ ਤੈਨਾਤੀ ‘ਤੇ ਰੋਕ ਲਗਾਈ ਸੀ। ਐਮ.ਵੀ. ਬੈਰੀਅਨ ‘ਤੇ ਹੋਏ ਇਸ ਹਮਲੇ ਨੇ ਇੱਕ ਵਾਰ ਫਿਰ ਅੰਤਰਰਾਸ਼ਟਰੀ ਜਲ ਖੇਤਰਾਂ ਵਿੱਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕਰਨ ਦੀ ਲੋੜ ਨੂੰ ਉਜਾਗਰ ਕੀਤਾ ਹੈ।
