ਰਾਜਧਾਨੀ ਦੇ ਪ੍ਰਦਰਸ਼ਨ ਸਥਾਨ ‘ਤੇ ਸੁਰੱਖਿਆ ਨਿਗਰਾਨੀ ‘ਚ ਵੱਡਾ ਖੁਲਾਸਾ
ਦਿੱਲੀ ਪੁਲਿਸ ਨੇ ਇੱਕ ਸਨਸਨੀਖੇਜ਼ ਖੁਲਾਸਾ ਕਰਦਿਆਂ ਦਾਅਵਾ ਕੀਤਾ ਹੈ ਕਿ 20 ਜੁਲਾਈ ਤੋਂ 25 ਜੁਲਾਈ ਦਰਮਿਆਨ ਜੰਤਰ-ਮੰਤਰ ਵਿਖੇ ਚੱਲ ਰਹੇ ਨੀਟ (NEET) ਪੇਪਰ ਲੀਕ ਵਿਰੋਧੀ ਧਰਨੇ ਦੌਰਾਨ 2,873 ਅਪਰਾਧਿਕ ਪਿਛੋਕੜ ਵਾਲੇ ਵਿਅਕਤੀ ਮੌਜੂਦ ਸਨ। ਰਾਜਧਾਨੀ ਦੇ ਇਸ ਸਭ ਤੋਂ ਵੱਡੇ ਪ੍ਰਦਰਸ਼ਨ ਸਥਾਨ ‘ਤੇ ਵਿਦਿਆਰਥੀਆਂ ਦੇ ਅੰਦੋਲਨ ਦੌਰਾਨ ਇੰਨੀ ਵੱਡੀ ਗਿਣਤੀ ਵਿੱਚ ਅਪਰਾਧੀਆਂ ਦੀ ਮੌਜੂਦਗੀ ਨੇ ਸੁਰੱਖਿਆ ਏਜੰਸੀਆਂ ਦੇ ਕੰਨ ਖੜ੍ਹੇ ਕਰ ਦਿੱਤੀ ਹਨ। ਪੁਲਿਸ ਹੁਣ ਇਹ ਜਾਂਚ ਕਰ ਰਹੀ ਹੈ ਕਿ ਕੀ ਇਨ੍ਹਾਂ ਤੱਤਾਂ ਦਾ ਮਕਸਦ ਸ਼ਾਂਤਮਈ ਪ੍ਰਦਰਸ਼ਨ ‘ਚ ਹਿੰਸਾ ਭੜਕਾਉਣਾ ਸੀ।
ਫੇਸ਼ੀਅਲ ਰਿਕੋਗਨਿਸ਼ਨ ਸਿਸਟਮ (FRS) ਰਾਹੀਂ ਹੋਈ ਪਛਾਣ
ਦਿੱਲੀ ਪੁਲਿਸ ਦੇ ਉੱਚ ਸੂਤਰਾਂ ਅਨੁਸਾਰ, ਅਪਰਾਧੀਆਂ ਦੀ ਪਛਾਣ ਜੰਤਰ-ਮੰਤਰ ਦੇ ਆਲੇ-ਦੁਆਲੇ ਲਗਾਏ ਗਏ ਆਧੁਨਿਕ ਫੇਸ਼ੀਅਲ ਰਿਕੋਗਨਿਸ਼ਨ ਸਿਸਟਮ (FRS) ਕੈਮਰਿਆਂ ਅਤੇ ਤਕਨੀਕੀ ਨਿਗਰਾਨੀ ਰਾਹੀਂ ਕੀਤੀ ਗਈ ਹੈ। ਐਫ.ਆਰ.ਐਸ. ਕੈਮਰਿਆਂ ਨੇ ਪੁਲਿਸ ਦੇ ਡਾਟਾਬੇਸ ਨਾਲ ਚਿਹਰਿਆਂ ਦਾ ਮਿਲਾਨ ਕੀਤਾ, ਜਿਸ ਤੋਂ ਪਤਾ ਲੱਗਾ ਕਿ ਹਰ ਰੋਜ਼ ਔਸਤਨ 2,000 ਤੋਂ ਵੱਧ ਅਪਰਾਧਿਕ ਰਿਕਾਰਡ ਵਾਲੇ ਲੋਕ ਇਸ ਧਰਨਾ ਸਥਾਨ ‘ਤੇ ਆ ਰਹੇ ਸਨ। ਇਨ੍ਹਾਂ ਵਿੱਚੋਂ ਕਈ ਅਪਰਾਧੀ 5 ਦਿਨਾਂ ਦੇ ਅੰਦਰ ਵਾਰ-ਵਾਰ ਪ੍ਰਦਰਸ਼ਨ ਵਾਲੀ ਥਾਂ ‘ਤੇ ਦੇਖੇ ਗਏ।
ਕਤਲ, ਜਿਨਸੀ ਸ਼ੋਸ਼ਣ ਅਤੇ ਪੋਕਸੋ (POCSO) ਐਕਟ ਦੇ ਦੋਸ਼ੀ ਸ਼ਾਮਲ
ਪੁਲਿਸ ਸੂਤਰਾਂ ਨੇ ਦੱਸਿਆ ਕਿ ਪਛਾਣੇ ਗਏ ਵਿਅਕਤੀਆਂ ‘ਤੇ ਸੰਗੀਨ ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਜਿਨਸੀ ਹਮਲੇ ਅਤੇ ਬੱਚਿਆਂ ਦੀ ਸੁਰੱਖਿਆ ਨਾਲ ਸਬੰਧਤ ਪੋਕਸੋ (POCSO) ਐਕਟ ਵਰਗੇ ਗੰਭੀਰ ਮਾਮਲਿਆਂ ਵਿੱਚ ਨਾਮਜ਼ਦ ਅਪਰਾਧੀ ਸ਼ਾਮਲ ਹਨ। ਵਿਦਿਆਰਥੀਆਂ ਦੇ ਨਾਮ ‘ਤੇ ਹੋ ਰਹੇ ਅੰਦੋਲਨ ‘ਚ ਅਜਿਹੇ ਖ਼ਤਰਨਾਕ ਅਪਰਾਧੀਆਂ ਦੀ ਮੌਜੂਦਗੀ ਨੇ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ।
ਹਿੰਸਾ ਅਤੇ ਭੜਕਾਊ ਘਟਨਾਵਾਂ ਵਿੱਚ ਭੂਮਿਕਾ ਦੀ ਜਾਂਚ ਸ਼ੁਰੂ
ਦਿੱਲੀ ਪੁਲਿਸ ਹੁਣ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਕੀ ਜੰਤਰ-ਮੰਤਰ ਅਤੇ ਇਸ ਦੇ ਨੇੜਲੇ ਇਲਾਕਿਆਂ ਵਿੱਚ ਹੋਈਆਂ ਝੜਪਾਂ ਅਤੇ ਹਿੰਸਕ ਘਟਨਾਵਾਂ ਵਿੱਚ ਇਨ੍ਹਾਂ ਅਪਰਾਧੀਆਂ ਦਾ ਕੋਈ ਹੱਥ ਸੀ। ਜਾਂਚ ਟੀਮਾਂ ਸੀਸੀਟੀਵੀ ਫੁਟੇਜ, ਮੋਬਾਈਲ ਲੋਕੇਸ਼ਨਾਂ ਅਤੇ ਹੋਰ ਤਕਨੀਕੀ ਸਬੂਤਾਂ ਦੀ ਸਮੀਖਿਆ ਕਰ ਰਹੀਆਂ ਹਨ ਤਾਂ ਜੋ ਕਿਸੇ ਵੀ ਸੰਭਾਵਿਤ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਜਾ ਸਕੇ।
ਜੰਤਰ-ਮੰਤਰ ‘ਤੇ 3,000 ਪੁਲਿਸ ਮੁਲਾਜ਼ਮ ਤਾਇਨਾਤ
ਜੰਤਰ-ਮੰਤਰ ‘ਤੇ ਰੋਜ਼ਾਨਾ ਔਸਤਨ 10,000 ਦੇ ਲਗਭਗ ਲੋਕ ਇਕੱਠੇ ਹੋ ਰਹੇ ਹਨ। ਅਮਨ-ਕਾਨੂੰਨ ਦੀ ਸਥਿਤੀ ਨੂੰ ਬਣਾਏ ਰੱਖਣ ਲਈ ਦਿੱਲੀ ਪੁਲਿਸ ਦੇ 3,000 ਤੋਂ ਵੱਧ ਜਵਾਨ ਅਤੇ ਅਰਧ-ਸੈਨਿਕ ਬਲ ਖੇਤਰ ਵਿੱਚ ਤਾਇਨਾਤ ਕੀਤੇ ਗਏ ਹਨ। ਪੁਲਿਸ ਵੱਲੋਂ ਆਉਣ-ਜਾਣ ਵਾਲੇ ਹਰ ਵਿਅਕਤੀ ‘ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।
