ਪੇਪਰ ਲੀਕ ਵਿਵਾਦ ਤੋਂ ਬਾਅਦ ਮੁੜ ਹੋਵੇਗੀ ਪ੍ਰੀਖਿਆ
ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਅਧਿਕਾਰਤ ਤੌਰ ‘ਤੇ ਐਲਾਨ ਕੀਤਾ ਹੈ ਕਿ NEET UG 2026 ਦੀ ਮੁੜ ਪ੍ਰੀਖਿਆ 21 ਜੂਨ 2026 ਨੂੰ ਕਰਵਾਈ ਜਾਵੇਗੀ। 3 ਮਈ ਨੂੰ ਹੋਈ ਪਹਿਲੀ ਪ੍ਰੀਖਿਆ ਪੇਪਰ ਲੀਕ ਅਤੇ ਗੜਬੜੀਆਂ ਦੇ ਦੋਸ਼ਾਂ ਕਾਰਨ ਰੱਦ ਕਰ ਦਿੱਤੀ ਗਈ ਸੀ। ਇਸ ਐਲਾਨ ਨਾਲ ਦੇਸ਼ ਭਰ ਦੇ ਲੱਖਾਂ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵੱਡੀ ਰਾਹਤ ਮਿਲੀ ਹੈ।
ਕੇਂਦਰ ਸਰਕਾਰ ਅਤੇ ਸਿੱਖਿਆ ਮੰਤਰਾਲੇ ਦੀ ਮਨਜ਼ੂਰੀ ਤੋਂ ਬਾਅਦ ਇਹ ਫੈਸਲਾ ਲਿਆ ਗਿਆ। NEET UG ਦੇਸ਼ ਦੀ ਸਭ ਤੋਂ ਵੱਡੀ ਮੈਡੀਕਲ ਦਾਖਲਾ ਪ੍ਰੀਖਿਆ ਹੈ ਜਿਸ ਰਾਹੀਂ MBBS, BDS ਅਤੇ ਹੋਰ ਮੈਡੀਕਲ ਕੋਰਸਾਂ ਵਿੱਚ ਦਾਖਲਾ ਮਿਲਦਾ ਹੈ।
ਮੁੜ ਪ੍ਰੀਖਿਆ ਦੀ ਤਾਰੀਖ ਅਤੇ ਅਹਿਮ ਜਾਣਕਾਰੀ
ਐਨਟੀਏ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਇਹ ਪ੍ਰੀਖਿਆ ਐਤਵਾਰ 21 ਜੂਨ ਨੂੰ ਦੇਸ਼ ਭਰ ਵਿੱਚ ਇੱਕਠੇ ਕਰਵਾਈ ਜਾਵੇਗੀ। ਪਹਿਲਾਂ ਰਜਿਸਟਰ ਕਰ ਚੁੱਕੇ ਵਿਦਿਆਰਥੀਆਂ ਨੂੰ ਮੁੜ ਅਰਜ਼ੀ ਦੇਣ ਦੀ ਲੋੜ ਨਹੀਂ ਹੋਵੇਗੀ। ਨਵੇਂ ਐਡਮਿਟ ਕਾਰਡ ਜਾਰੀ ਕੀਤੇ ਜਾਣਗੇ।
ਰਿਪੋਰਟਾਂ ਮੁਤਾਬਕ ਐਡਮਿਟ ਕਾਰਡ 14 ਜੂਨ ਦੇ ਆਸ-ਪਾਸ ਜਾਰੀ ਹੋ ਸਕਦੇ ਹਨ। ਪ੍ਰੀਖਿਆ ਕੇਂਦਰ ਅਤੇ ਹੋਰ ਨਿਰਦੇਸ਼ ਵਿਦਿਆਰਥੀਆਂ ਦੇ ਰਜਿਸਟਰਡ ਮੋਬਾਈਲ ਨੰਬਰ ਅਤੇ ਈਮੇਲ ‘ਤੇ ਭੇਜੇ ਜਾਣਗੇ।
ਸਰਕਾਰ ਵੱਲੋਂ ਵੱਡੇ ਸੁਧਾਰਾਂ ਦਾ ਐਲਾਨ
ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ (Dharmendra Pradhan) ਨੇ ਪੇਪਰ ਲੀਕ ਮਾਮਲੇ ਤੋਂ ਬਾਅਦ ਕਈ ਵੱਡੇ ਸੁਧਾਰਾਂ ਦਾ ਐਲਾਨ ਕੀਤਾ ਹੈ। ਸਰਕਾਰ ਨੇ ਕਿਹਾ ਕਿ ਮੁੜ ਪ੍ਰੀਖਿਆ ਦੌਰਾਨ ਕੜੜੀ ਸੁਰੱਖਿਆ ਵਿਵਸਥਾ ਕੀਤੀ ਜਾਵੇਗੀ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਗੜਬੜ ਨਾ ਹੋਵੇ।
ਅਗਲੇ ਸਾਲ ਤੋਂ NEET ਪ੍ਰੀਖਿਆ ਨੂੰ ਕੰਪਿਊਟਰ ਆਧਾਰਿਤ ਬਣਾਉਣ ਦੀ ਯੋਜਨਾ ਵੀ ਸਰਕਾਰ ਵੱਲੋਂ ਬਣਾਈ ਜਾ ਰਹੀ ਹੈ। ਇਸ ਨਾਲ ਪੇਪਰ ਲੀਕ ਵਰਗੀਆਂ ਘਟਨਾਵਾਂ ਨੂੰ ਰੋਕਣ ਵਿੱਚ ਮਦਦ ਮਿਲੇਗੀ।
ਅਫਵਾਹਾਂ ਤੋਂ ਬਚਣ ਦੀ ਅਪੀਲ
ਐਨਟੀਏ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸੋਸ਼ਲ ਮੀਡੀਆ ‘ਤੇ ਫੈਲ ਰਹੀਆਂ ਅਫਵਾਹਾਂ ਤੋਂ ਸਾਵਧਾਨ ਰਹਿਣ ਲਈ ਕਿਹਾ ਹੈ। ਏਜੰਸੀ ਨੇ ਸਪੱਸ਼ਟ ਕੀਤਾ ਕਿ ਸਿਰਫ਼ ਅਧਿਕਾਰਤ ਵੈੱਬਸਾਈਟ ਅਤੇ ਨੋਟੀਫਿਕੇਸ਼ਨ ‘ਤੇ ਹੀ ਭਰੋਸਾ ਕੀਤਾ ਜਾਵੇ। ਵਿਦਿਆਰਥੀਆਂ ਨੂੰ ਗੈਰ-ਅਧਿਕਾਰਤ ਲਿੰਕਾਂ, ਮੈਸੇਜਾਂ ਜਾਂ ਲੀਕ ਹੋਏ ਪੇਪਰਾਂ ਨਾਲ ਸਬੰਧਿਤ ਦਾਵਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਪੇਪਰ ਲੀਕ ਮਾਮਲੇ ਦੀ ਜਾਂਚ ਜਾਰੀ
ਪੇਪਰ ਲੀਕ ਮਾਮਲੇ ਦੀ ਜਾਂਚ ਹਾਲੇ ਵੀ ਜਾਰੀ ਹੈ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਕਿ ਕੁਝ “ਗੈੱਸ ਪੇਪਰ” ਵਿੱਚ ਮੌਜੂਦ ਕਈ ਸਵਾਲ ਅਸਲੀ ਪ੍ਰੀਖਿਆ ਨਾਲ ਮਿਲਦੇ ਸਨ। ਇਸ ਕਾਰਨ ਦੇਸ਼ ਭਰ ਵਿੱਚ ਵੱਡਾ ਵਿਵਾਦ ਖੜ੍ਹਾ ਹੋ ਗਿਆ ਸੀ। ਕੇਂਦਰੀ ਜਾਂਚ ਏਜੰਸੀਆਂ ਅਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ ਅਤੇ ਸਰਕਾਰ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਵਿਦਿਆਰਥੀਆਂ ‘ਤੇ ਦਬਾਅ ਵੀ ਵਧਿਆ
ਨਵੀਂ ਤਾਰੀਖ ਦੇ ਐਲਾਨ ਨਾਲ ਜਿੱਥੇ ਵਿਦਿਆਰਥੀਆਂ ਨੂੰ ਰਾਹਤ ਮਿਲੀ ਹੈ, ਉੱਥੇ ਹੀ ਘੱਟ ਸਮੇਂ ਕਾਰਨ ਤਿਆਰੀ ਦਾ ਦਬਾਅ ਵੀ ਵਧ ਗਿਆ ਹੈ। ਮਾਹਿਰਾਂ ਨੇ ਵਿਦਿਆਰਥੀਆਂ ਨੂੰ ਰਿਵੀਜ਼ਨ ਅਤੇ ਮੌਕ ਟੈਸਟ ‘ਤੇ ਧਿਆਨ ਦੇਣ ਦੀ ਸਲਾਹ ਦਿੱਤੀ ਹੈ। ਦੇਸ਼ ਭਰ ਦੇ ਮੈਡੀਕਲ ਉਮੀਦਵਾਰ ਹੁਣ ਇੱਕ ਵਾਰ ਫਿਰ NEET UG 2026 ਲਈ ਤਿਆਰੀ ਵਿੱਚ ਜੁਟ ਗਏ ਹਨ।
