CBI ਵੱਲੋਂ DIG ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ
ਪੰਜਾਬ ਪੁਲਿਸ ਦੇ DIG ਹਰਚਰਨ ਸਿੰਘ ਭੁੱਲਰ ਨੂੰ CBI ਨੇ ਰਿਸ਼ਵਤ ਮੰਗਣ ਦੇ ਦੋਸ਼ਾਂ ‘ਚ ਗ੍ਰਿਫ਼ਤਾਰ ਕੀਤਾ ਹੈ। ਮੋਹਾਲੀ ਦੇ ਦਫ਼ਤਰ ਤੇ ਚੰਡੀਗੜ੍ਹ ਵਾਲੀ ਕੋਠੀ ਤੋਂ 7 ਕਰੋੜ ਰੁਪਏ ਨਕਦ, 1.5 ਕਿਲੋ ਸੋਨਾ, ਲਗਜ਼ਰੀ ਘੜੀਆਂ, ਵਿਦੇਸ਼ੀ ਸ਼ਰਾਬ ਤੇ ਮਹਿੰਗੀਆਂ ਕਾਰਾਂ ਮਿਲੀਆਂ।
CBI ਦੀ ਛਾਪੇਮਾਰੀ ‘ਚ ਹੋਇਆ ਵੱਡਾ ਖੁਲਾਸਾ
ਦਿੱਲੀ ਤੇ ਚੰਡੀਗੜ੍ਹ ਤੋਂ ਆਈ 52 ਮੈਂਬਰੀ CBI ਟੀਮ ਨੇ DIG ਦੇ ਘਰ ਤੇ ਦਫ਼ਤਰ ‘ਤੇ ਛਾਪੇ ਮਾਰੇ। ਤਿੰਨ ਬੈਗ ਤੇ ਦੋ ਅਟੈਚੀਆਂ ‘ਚੋਂ 7 ਕਰੋੜ ਰੁਪਏ ਨਕਦ ਮਿਲੇ। ਤਿੰਨ ਨੋਟ ਗਿਣਣ ਵਾਲੀਆਂ ਮਸ਼ੀਨਾਂ ਮੰਗਵਾਉਣੀਆਂ ਪਈਆਂ। ਨਾਲ ਹੀ ਸੋਨੇ ਦੇ ਗਹਿਣੇ, ਰਿਵਾਲਵਰ ਤੇ ਵਿਦੇਸ਼ੀ ਸ਼ਰਾਬ ਵੀ ਮਿਲੀ।
15 ਜਾਇਦਾਦਾਂ ਤੇ ਮਹਿੰਗੀਆਂ ਗੱਡੀਆਂ ਦੇ ਦਸਤਾਵੇਜ਼ ਜ਼ਬਤ
CBI ਨੂੰ DIG ਦੀਆਂ 15 ਜਾਇਦਾਦਾਂ ਤੇ BMW, ਮਰਸਡੀਜ਼ ਵਰਗੀਆਂ ਲਗਜ਼ਰੀ ਕਾਰਾਂ ਦੇ ਕਾਗਜ਼ ਮਿਲੇ। ਭੁੱਲਰ 2009 ਬੈਚ ਦੇ IPS ਅਫ਼ਸਰ ਹਨ ਤੇ ਸਾਬਕਾ DGP ਮਹਲ ਸਿੰਘ ਭੁੱਲਰ ਦੇ ਪੁੱਤਰ ਹਨ। ਉਨ੍ਹਾਂ ਦੀ ਬੇਸਿਕ ਤਨਖਾਹ ₹2,16,600 ਹੈ।
ਰਿਸ਼ਵਤ ਮਾਮਲੇ ਦੀ ਪਿਛੋਕੜ
ਭੁੱਲਰ ‘ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਮੰਡੀ ਗੋਬਿੰਦਗੜ੍ਹ ਦੇ ਸਕ੍ਰੈਪ ਵਪਾਰੀ ਤੋਂ ₹8 ਲੱਖ ਰਿਸ਼ਵਤ ਮੰਗੀ ਤੇ ਝੂਠੇ ਕੇਸ ‘ਚ ਫਸਾਉਣ ਦੀ ਧਮਕੀ ਦਿੱਤੀ। CBI ਹੋਰ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ।
ਘੋਸ਼ਿਤ ਜਾਇਦਾਦਾਂ ਤੇ ਕਰੀਅਰ
ਉਨ੍ਹਾਂ ਨੇ ₹15 ਕਰੋੜ ਦੀ ਜਾਇਦਾਦ ਘੋਸ਼ਿਤ ਕੀਤੀ ਹੈ ਜਿਸ ‘ਚ ਜਲੰਧਰ ‘ਚ ਫਾਰਮਹਾਊਸ ਤੇ ਚੰਡੀਗੜ੍ਹ, ਕਪੂਰਥਲਾ ‘ਚ ਪਲਾਟ ਸ਼ਾਮਲ ਹਨ। 27 ਨਵੰਬਰ 2024 ਨੂੰ ਉਨ੍ਹਾਂ ਨੂੰ ਰੂਪਨਗਰ ਰੇਂਜ ਦਾ DIG ਬਣਾਇਆ ਗਿਆ ਸੀ। ਉਨ੍ਹਾਂ ਦਾ ਨਸ਼ੇ ਵਿਰੁੱਧ ਅਭਿਆਨ ‘ਯੁੱਧ ਨਸ਼ੇਆਂ ਵਿਰੁੱਧ’ ਕਾਫ਼ੀ ਮਸ਼ਹੂਰ ਰਿਹਾ।