ਮਿਨਿਸਟਰੀ ਆਫ਼ ਰੋਡ ਟਰਾਂਸਪੋਰਟ ਨੇ ਇਲੈਕਟ੍ਰਿਕ ਵਹੀਕਲ (ਈਵੀ) ਬੈਟਰੀਆਂ ਦੀ ਪਛਾਣ ਅਤੇ ਟ੍ਰੈਕਿੰਗ ਲਈ ਇੱਕ ਨਵਾਂ ਸਿਸਟਮ ਤਿਆਰ ਕੀਤਾ ਹੈ। ਸਰਕਾਰ ਨੇ ਦੇਸ਼ ਵਿੱਚ ਹਰੇਕ ਈਵੀ ਬੈਟਰੀ ਲਈ ਇੱਕ ਵਿਲੱਖਣ ਪਛਾਣ ਨੰਬਰ ਰੱਖਣ ਦਾ ਪ੍ਰਸਤਾਵ ਦਿੱਤਾ ਹੈ, ਜਿਸਨੂੰ ‘ਬੈਟਰੀ ਪੈਕ ਆਧਾਰ ਨੰਬਰ’ (BPAN) ਕਿਹਾ ਜਾਵੇਗਾ। ਇਹ 21 ਅੰਕਾਂ ਦਾ ਨੰਬਰ ਹੋਵੇਗਾ।
ਬੈਟਰੀਆਂ ਦੀ ਪੂਰੀ ਲਾਈਫਸਾਈਕਲ ਟਰੈਕਿੰਗ
ਇਸ 21 ਅੰਕਾਂ ਵਾਲੇ BPAN ਰਾਹੀਂ, ਬੈਟਰੀ ਦੇ ਬਣਨ ਤੋਂ ਲੈ ਕੇ ਉਸਦੇ ਖਰਾਬ ਹੋਣ ਜਾਂ ਰੀਸਾਈਕਲ ਹੋਣ ਤੱਕ ਦੀ ਪੂਰੀ ਜਾਣਕਾਰੀ ਉਪਲਬਧ ਹੋਵੇਗੀ। ਡਰਾਫਟ ਗਾਈਡਲਾਈਨਜ਼ ਅਨੁਸਾਰ, ਬੈਟਰੀ ਬਣਾਉਣ ਵਾਲੀਆਂ ਕੰਪਨੀਆਂ ਅਤੇ ਇਨ੍ਹਾਂ ਨੂੰ ਇੰਪੋਰਟ ਕਰਨ ਵਾਲਿਆਂ ਲਈ ਹਰ ਬੈਟਰੀ ਪੈਕ ਨੂੰ 21-ਕੈਰੇਕਟਰ ਦਾ BPAN ਦੇਣਾ ਜ਼ਰੂਰੀ ਹੋਵੇਗਾ। ਇਹ ਨਿਯਮ ਸਿਰਫ਼ ਬਾਜ਼ਾਰ ਵਿੱਚ ਵੇਚੀਆਂ ਜਾਣ ਵਾਲੀਆਂ ਬੈਟਰੀਆਂ ‘ਤੇ ਹੀ ਨਹੀਂ, ਬਲਕਿ ਕੰਪਨੀਆਂ ਦੁਆਰਾ ਆਪਣੇ ਖੁਦ ਦੇ ਉਪਯੋਗ ਲਈ ਬਣਾਈਆਂ ਗਈਆਂ ਬੈਟਰੀਆਂ ‘ਤੇ ਵੀ ਲਾਗੂ ਹੋਵੇਗਾ। ਨੰਬਰ ਬੈਟਰੀ ‘ਤੇ ਅਜਿਹੀ ਜਗ੍ਹਾ ਲਗਾਇਆ ਜਾਵੇਗਾ ਜਿੱਥੋਂ ਇਸਨੂੰ ਮਿਟਾਇਆ ਨਾ ਜਾ ਸਕੇ। ਜੇਕਰ ਕਿਸੇ ਬੈਟਰੀ ਨੂੰ ਰੀਸਾਈਕਲ ਕੀਤਾ ਜਾਂਦਾ ਹੈ ਜਾਂ ਦੂਜੇ ਕੰਮ ਲਈ ਦੁਬਾਰਾ ਤਿਆਰ ਕੀਤਾ ਜਾਂਦਾ ਹੈ, ਤਾਂ ਉਸਨੂੰ ਇੱਕ ਨਵਾਂ BPAN ਨੰਬਰ ਜਾਰੀ ਕੀਤਾ ਜਾਵੇਗਾ।
ਉਦਯੋਗਿਕ ਬੈਟਰੀਆਂ ਅਤੇ ਨਿਗਰਾਨੀ ਕਮੇਟੀ
ਇਹ ਸਿਸਟਮ ਬੈਟਰੀ ਦੇ ਕੱਚੇ ਮਾਲ ਦੀ ਮਾਈਨਿੰਗ, ਨਿਰਮਾਣ, ਵਰਤੋਂ ਅਤੇ ਅੰਤ ਵਿੱਚ ਰੀਸਾਈਕਲਿੰਗ ਬਾਰੇ ਜਾਣਕਾਰੀ ਸਟੋਰ ਕਰੇਗਾ। ਸਰਕਾਰ ਨੇ ਸ਼ੁਰੂਆਤੀ ਪੜਾਅ ਵਿੱਚ ਈਵੀ ਬੈਟਰੀਆਂ ਨੂੰ ਤਰਜੀਹ ਦੇਣ ਦਾ ਫੈਸਲਾ ਕੀਤਾ ਹੈ, ਕਿਉਂਕਿ ਭਾਰਤ ਵਿੱਚ ਲਿਥੀਅਮ-ਆਇਨ ਬੈਟਰੀਆਂ ਦੀ ਕੁੱਲ ਮੰਗ ਦਾ 80% ਤੋਂ 90% ਹਿੱਸਾ ਈਵੀ ਸੈਕਟਰ ਤੋਂ ਆਉਂਦਾ ਹੈ। ਗਾਈਡਲਾਈਨਜ਼ ਵਿੱਚ 2 kWh ਤੋਂ ਵੱਧ ਸਮਰੱਥਾ ਵਾਲੀਆਂ ਉਦਯੋਗਿਕ ਬੈਟਰੀਆਂ ‘ਤੇ ਵੀ ਇਸ ਨਿਯਮ ਨੂੰ ਲਾਗੂ ਕਰਨ ਦਾ ਸੁਝਾਅ ਦਿੱਤਾ ਗਿਆ ਹੈ। BPAN ਫਰੇਮਵਰਕ ਨੂੰ ਲਾਗੂ ਕਰਨ ਲਈ ਆਟੋਮੋਟਿਵ ਇੰਡਸਟਰੀ ਸਟੈਂਡਰਡ (AIS) ਰੂਟ ਦਾ ਪਾਲਣ ਕੀਤਾ ਜਾਵੇਗਾ। ਇਸ ਲਈ ਬੈਟਰੀ ਨਿਰਮਾਤਾਵਾਂ, ਕਾਰ ਕੰਪਨੀਆਂ, ਰੀਸਾਈਕਲਰਾਂ ਅਤੇ ਸਰਕਾਰੀ ਏਜੰਸੀਆਂ ਦੇ ਨੁਮਾਇੰਦਿਆਂ ਵਾਲੀ ਇੱਕ ਕਮੇਟੀ ਬਣਾਈ ਜਾਵੇਗੀ। ਇਹ ਸਿਸਟਮ ਬੈਟਰੀਆਂ ਦੀ “ਦੂਜੀ ਜ਼ਿੰਦਗੀ” ਨੂੰ ਵੀ ਟਰੈਕ ਕਰਨ ਵਿੱਚ ਮਦਦ ਕਰੇਗਾ, ਜਿਵੇਂ ਕਿ ਜਦੋਂ ਈਵੀ ਬੈਟਰੀਆਂ ਕਾਰਾਂ ਲਈ ਅਨੁਕੂਲ ਨਹੀਂ ਰਹਿੰਦੀਆਂ ਪਰ ਘਰਾਂ ਵਿੱਚ ਇਨਵਰਟਰ ਜਾਂ ਸੋਲਰ ਪਾਵਰ ਸਟੋਰ ਕਰਨ ਲਈ ਵਰਤੀਆਂ ਜਾ ਸਕਦੀਆਂ ਹਨ।
